ਸ਼ੇਖ਼ ਫ਼ਰੀਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ੇਖ਼ ਫ਼ਰੀਦ (1173–1266) : ਫ਼ਰੀਦ-ਉਦੀਨ-ਮਸਊਦ-ਗੰਜੇ-ਸ਼ਕਰ ਸ਼ੇਖ਼ ਫ਼ਰੀਦ ਦਾ ਅਸਲੀ ਨਾਂ ਸੀ। ਉਹ ਪੰਜਾਬੀ ਸੂਫ਼ੀ-ਕਾਵਿ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਕਾਵਿ ਦਾ ਮੋਢੀ ਸਮਝਿਆ ਜਾਂਦਾ ਹੈ। ਸ਼ੇਖ਼ ਫ਼ਰੀਦ 1173 ਵਿੱਚ ਪਿੰਡ ਖੋਤਵਾਲ ਜ਼ਿਲ੍ਹਾ ਮੁਲਤਾਨ ਵਿੱਚ ਪੈਦਾ ਹੋਇਆ। ਉਸ ਦੇ ਪਿਤਾ ਦਾ ਨਾਂ ਸ਼ੇਖ਼-ਜਮਾਲ-ਉਲ- ਦੀਨ ਸੀ ਜੋ ਮਹਿਮੂਦ ਗ਼ਜ਼ਨਵੀ ਦਾ ਭਣੇਵਾਂ ਸੀ। ਫ਼ਰੀਦ ਨੇ ਚਾਰ ਵਿਆਹ ਕੀਤੇ ਜਿਨ੍ਹਾਂ ਵਿੱਚੋਂ ਇੱਕ ਪਤਨੀ ਸੁਲਤਾਨ ਬਲਬਨ ਦੀ ਧੀ ਸੀ। ਸ਼ਾਹੀ ਤੁਅਲਕਾਤ ਦੇ ਬਾਵਜੂਦ ਉਹ ਤਬੀਅਤ ਵਜੋਂ ਫ਼ਕੀਰ ਸੀ। ਦਿੱਲੀ ਆ ਕੇ ਖ਼ੁਵਾਜਾ ਕੁਤਬ-ਉਦੀਨ-ਬਖ਼ਤਿਆਰ ਕਾਕੀ ਨੂੰ ਉਸ ਨੇ ਆਪਣਾ ਮੁਰਸ਼ਦ ਧਾਰ ਲਿਆ। ਮੁਰਸ਼ਦ ਦੇ ਚਲਾਣਾ ਕਰਨ ਪਿੱਛੋਂ ਉਹ ਗੱਦੀ ਨਸ਼ੀਨ ਬਣਿਆ। ਜ਼ਿਲ੍ਹਾ ਮਿੰਟਗੁਮਰੀ ਵਿੱਚ ਪਾਕਪਟਨ ਨੂੰ ਉਸ ਨੇ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ। ਸ਼ੇਖ ਨਿਜ਼ਾਮ-ਉ-ਦੀਨ ਔਲੀਆ ਸ਼ੇਖ਼ ਫ਼ਰੀਦ ਦਾ ਮੁਰੀਦ ਸੀ। ਉਸ ਦਾ ਜੀਵਨ ਬੜਾ ਸਾਦਾ ਤੇ ਸੱਚਾ-ਸੁੱਚਾ ਸੀ। ਉਸ ਦੀ ਸ਼ਖ਼ਸੀਅਤ ਵਿੱਚ ਮਿਕਨਾਤੀਸੀ ਖਿੱਚ ਸੀ। ਅਣਗਿਣਤ ਗ਼ੈਰ-ਮੁਸਲਿਮ ਵੀ ਉਸ ਦੇ ਪੈਰੋਕਾਰ ਬਣੇ। ਉੋਹ ਲੰਮੀ ਉਮਰ ਭੋਗ ਕੇ 1266 ਵਿੱਚ ਚਲਾਣਾ ਕਰ ਗਿਆ। ਉਸ ਦਾ ਮਜ਼ਾਰ ਪਾਕਪਟਨ ਵਿੱਚ ਹੈ।

 

     ਸ਼ੇਖ਼ ਫ਼ਰੀਦ ਦੇ ਚਾਰ ਸ਼ਬਦ ਅਤੇ 112 ਸਲੋਕ ‘ਸ੍ਰੀ ਗੁਰੂ ਗ੍ਰੰਥ ਸਾਹਿਬ` ਵਿੱਚ ਦਰਜ ਹਨ। ਨਿਮਾਜ਼ ਅਤੇ ਦੁਆ ਵਿੱਚ ਸ਼ੇਖ਼ ਫ਼ਰੀਦ ਦਾ ਦ੍ਰਿੜ੍ਹ ਵਿਸ਼ਵਾਸ ਸੀ। ਰੱਬ ਅੱਗੇ ਉਸ ਦੀ ਅਰਦਾਸ ਹੁੰਦੀ :

            ਤੇਰੀ ਪਨਹ ਖੁਦਾਇ ਤੂ ਬਖਸੰਦਗੀ

            ਸੇਖ ਫਰੀਦੈ ਖੈਰੁ ਦੀਜੈ ਬੰਦਗੀ॥

     ਉਹ ਇਸਲਾਮੀ ਸ਼ਰ੍ਹਾ `ਤੇ ਚੱਲਣ ਵਾਲਾ, ਰੱਬ ਤੋਂ ਖ਼ੌਫ਼ ਖਾਣ ਵਾਲਾ, ਨਮਾਜ਼ ਤੇ ਰੋਜ਼ੇ ਦਾ ਪਾਬੰਦ ਅਤੇ ਰੱਬ ਦੀ ਖਲਕਤ ਨੂੰ ਪਿਆਰ ਕਰਨ ਵਾਲਾ ਦਰਵੇਸ਼ ਸੀ। ਉਸ ਨੇ ਰੱਬੀ ਪ੍ਰੇਮ ਨੂੰ ਆਪਣੀ ਜ਼ਿੰਦਗੀ ਦਾ ਮਨੋਰਥ ਬਣਾਇਆ। ਰੱਬ ਨਾਲ ਪਿਆਰ ਕਰਨ ਦਾ ਉਪਦੇਸ਼ ਦਿੱਤਾ। ਬਾਹਰੀ ਭੇਖ ਨੂੰ ਤਿਆਗਣ ਅਤੇ ਅੰਦਰੂਨੀ ਸ਼ੁਧਤਾ ਉੱਤੇ ਬਲ ਦਿੱਤਾ। ਬਾਬਾ ਫ਼ਰੀਦ ਇੱਕ ਰਹੱਸਵਾਦੀ ਸੂਫ਼ੀ ਫ਼ਕੀਰ ਸੀ, ਜੋ ਆਪਣੇ ਅੱਲਾ ਨੂੰ ਮਿਲਣ ਲਈ ਬੇਤਾਬ ਸੀ ਤੇ ਉਸ ਦੀ ਆਤਮਾ ਇਸ਼ਕ ਖ਼ੁਦਾਇ ਦੇ ਰੰਗ ਵਿੱਚ ਰੰਗੀ ਹੋਈ ਸੀ। ਰੱਬ ਦੇ ਦੀਦਾਰ ਦੀ ਸੁਲੱਖਣੀ ਘੜੀ ਦੀ ਉਸਨੂੰ ਹਰ ਵੇਲੇ ਉਡੀਕ ਸੀ। ਵਸਲ ਦੀ ਇਸ ਘੜੀ ਦੀ ਉਸ ਨੂੰ ਪੂਰੀ ਉਮੀਦ ਵੀ ਸੀ। ਇਸੇ ਕਰ ਕੇ ਜੀਵਨ ਦੀਆਂ ਉਚੇਰੀਆਂ ਸਦਾਚਾਰਿਕ ਕੀਮਤਾਂ ਨੂੰ ਉਸ ਨੇ ਖ਼ੁਦ ਵੀ ਅਪਣਾਇਆ ਅਤੇ ਲੋਕਾਂ ਵਿੱਚ ਇਹਨਾਂ ਦਾ ਪ੍ਰਚਾਰ ਵੀ ਕੀਤਾ।

     ਉਹ ਤੌਹੀਦਪ੍ਰਸਤ ਸੀ। ਸਿਰਫ਼ ਇੱਕ ਪਰਮੇਸ਼ਰ- ਪਤੀ ਦੀ ਸੁਹਾਗਣ ਨਾਰ ਬਣ ਕੇ ਰਹਿਣ ਦੀ ਸਿੱਖਿਆ ਦਿੱਤੀ। ਉਹ ਬੰਦਗੀ ਅਤੇ ਇਬਾਦਤ ਦੀ ਯਾਚਨਾ ਕਰਦਾ ਹੈ :

     ਢੂੰਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ

     ਜਿਨਾ ਨਾਉ ਸੁਹਾਗਣੀ ਤਿਨਾ ਝਾਕ ਨ ਹੋਰ॥

 

     ਫਰੀਦਾ ਸਾਹਿਬ ਦੀ ਕਰਿ ਚਾਕਰੀ

     ਦਿਲ ਦੀ ਲਾਹਿ ਭਰਾਂਦ॥

 

     ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ

                        ਜਿਨ ਮਨਿ ਹੋਰੁ ਮੁਖਿ ਹੋਰੁ ਸੇ ਕਾਂਢੇ ਕਚਿਆ॥

                      ਉਸ ਨੇ ਚੰਗੇ ਅਮਲ ਕਰਨ ਦੀ ਹਿਦਾਇਤ ਦਿੱਤੀ ਤੇ ਮੰਦੇ ਅਮਲਾਂ ਤੋਂ ਗੁਰੇਜ਼ ਕਰਨ ਲਈ ਆਖਿਆ :

     ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰ ਥੀਆ ਤਿਲਾਹ॥

     ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ॥

                        ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ॥

     ਫ਼ਰੀਦ ਨੇ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਪ੍ਰੇਰਿਆ। ਬਾਹਰੀ ਸ਼ਕਲ ਦੀ ਬਜਾਏ ਅੰਦਰੂਨੀ ਪਾਕੀਜ਼ਗੀ ਉੱਤੇ ਬਲ ਦਿੱਤਾ। ਦਰਵੇਸ਼ ਅਖਵਾਉਣ ਦਾ ਹੱਕਦਾਰ ਉਹੀ ਹੈ ਜੋ ਅੰਦਰੋਂ ਸਾਫ਼ ਹੈ। ਉਸ ਨੇ ਨਿਸ਼ਕਾਮ ਮੁਹੱਬਤ ਦਾ ਸੰਦੇਸ਼ ਦਿੱਤਾ। ਜਿੱਥੇ ਲਾਲਚ ਤੇ ਲਬ ਹੋਵੇ ਉੱਥੇ ਪਿਆਰ ਨਹੀਂ ਹੋ ਸਕਦਾ :

     ਫ਼ਰੀਦ ਜਾ ਲਬੁ ਤਾ ਨੇਹੁ ਕਿਆ

     ਲਬੁ ਤਾ ਕੂੜਾ ਨੇਹੁ॥

     ਕਿਚਰੁ ਝਤਿ ਲਘਾਈਐ

                        ਛਪਰਿ ਤੁਟੈ ਮੇਹੁ॥

     ਫ਼ਰੀਦ ਦੀ ਕਵਿਤਾ ਵਿੱਚ ਮੌਤ ਦਾ ਜ਼ਿਕਰ ਬਾਰ-ਬਾਰ ਆਉਂਦਾ ਹੈ। ਉਹ ਇਸ ਵਿਚਾਰ ਦਾ ਧਾਰਨੀ ਹੈ ਕਿ ਮੌਤ ਪਿੱਛੋਂ ਬੰਦੇ ਦਾ ਨਿਬੇੜਾ ਕਰਮਾਂ ਉੱਤੇ ਹੋਣਾ ਹੈ। ਚੰਗੇ ਕਰਮਾਂ ਵਾਲਾ ਜੰਨਤ ਮਾਣੇਗਾ ਅਤੇ ਮੰਦੇ ਕਰਮਾਂ ਵਾਲਾ ਦੋਜ਼ਖ਼ ਦੀ ਅੱਗ ਵਿੱਚ ਸੜੇਗਾ। ਫ਼ਰੀਦ ਮੌਤ ਦਾ ਭੈਅ ਦੇ ਕੇ ਬੰਦੇ ਨੂੰ ਚਿਤਾਵਨੀ ਦਿੰਦਾ ਹੈ ਕਿ ਜੇ ਇੱਥੋਂ ਤੁਰ ਹੀ ਜਾਣਾ ਹੈ ਤਾਂ ਫਿਰ ਇਸ ਜੱਗ ਨਾਲ ਮੋਹ ਕਾਹਦਾ? ਉਸ ਨੇ ਬੰਦੇ ਨੂੰ ਕੁਕਰਮਾਂ ਤੋਂ ਵਰਜਿਆ ਹੈ ਤੇ ਚੰਗੇ ਬਣਨ ਲਈ ਪ੍ਰੇਰਿਆ ਹੈ। ਫ਼ਰੀਦ ਨੇ ਆਪਣੇ-ਆਪ ਨੂੰ ਕਿਧਰੇ ਵੀ ਵਡਿਆਇਆ ਨਹੀਂ। ਉਸ ਨੇ ਬੜੀ ਹਲੀਮੀ ਨਾਲ ਆਖਿਆ :

     ਫ਼ਰੀਦਾ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੇਸ॥

                        ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ॥

     ਫ਼ਰੀਦ ਨੇ ਸਧਾਰਨ ਗ੍ਰਹਿਸਥੀ ਵਾਲਾ ਜੀਵਨ ਬਸਰ ਕੀਤਾ। ਇਸੇ ਕਰ ਕੇ ਉਸ ਦੀ ਕਵਿਤਾ ਵਿਚਲੇ ਜ਼ਿਆਦਾਤਰ ਬਿੰਬ ਰੋਜ਼ਮੱਰਾ ਦੀ ਜ਼ਿੰਦਗੀ ਵਿੱਚੋਂ ਹਨ : ਟੁੱਟਿਆ ਛੱਪਰ, ਮੁੰਜ ਦੀ ਮੰਜੀ, ਸੁੱਕਾ ਪਿੰਜਰ, ਰੁੱਖੀ ਰੋਟੀ, ਆਟਾ, ਲੂਣ, ਮਾਖਿਉਂ, ਮਾਝਾ ਦੁੱਧ, ਛੱਪੜ, ਚਿੱਕੜ ਆਦਿ। ਬਹੁਤ ਸਾਰੇ ਬਿੰਬ ਸਮਾਜਿਕ ਰਸਮਾਂ-ਰੀਤਾਂ, ਕੰਮਾਂ-ਧੰਦਿਆਂ, ਰਿਸ਼ਤਿਆਂ, ਪਹਿਰਾਵੇ ਆਦਿ ਨਾਲ ਸੰਬੰਧ ਰੱਖਦੇ ਹਨ। ਉਹ ਪੰਜਾਬੀ ਦਾ ਪਹਿਲਾ ਕਵੀ ਹੈ ਜਿਸ ਦੇ ਸਿਰਜੇ ਕਾਵਿ ਬਿੰਬਾਂ ਨੂੰ ਬਾਅਦ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਵਰਤਿਆ। ਉਹ ਪੰਜਾਬੀ ਦਾ ਹੀ ਨਹੀਂ ਸਗੋਂ ਉੱਤਰੀ ਭਾਰਤ ਦੀਆਂ ਪ੍ਰਦੇਸ਼ਿਕ ਬੋਲੀਆਂ ਦੇ ਸਾਹਿਤਕਾਰਾਂ ਦੀ ਕਤਾਰ ਦਾ ਮੋਹਰੀ ਸਾਹਿਤਕਾਰ ਸੀ।

     ਮੁਲਤਾਨੀ ਬੋਲਦੇ ਇਲਾਕੇ ਦਾ ਜੰਮਪਲ ਹੋਣ ਕਰ ਕੇ ਅਤੇ ਜ਼ਿੰਦਗੀ ਦਾ ਬਹੁਤਾ ਹਿੱਸਾ ਇਸੇ ਇਲਾਕੇ ਵਿੱਚ ਹੀ ਬਿਤਾਉਣ ਕਰ ਕੇ ਉਸ ਦੀ ਕਵਿਤਾ ਵਿੱਚ ਇੱਥੋਂ ਦੀ ਮਿੱਟੀ ਦੀ ਮਹਿਕ ਹੈ। ਇਹ ਆਮ ਲੋਕਾਂ ਦੀ ਭਾਸ਼ਾ ਹੈ ਜਿਸ ਨੂੰ ਉਸ ਵੇਲੇ ਮੁਲਤਾਨੀ ਆਖਿਆ ਜਾਂਦਾ ਸੀ। ਓਦੋਂ ‘ਪੰਜਾਬੀ` ਨਾਂ ਅਜੇ ਪ੍ਰਚਲਿਤ ਨਹੀਂ ਸੀ ਹੋਇਆ। ਉਸ ਦੇ ਸ਼ਬਦ-ਭੰਡਾਰ ਵਿੱਚ ਸੰਸਕ੍ਰਿਤ, ਅਰਬੀ, ਫ਼ਾਰਸੀ ਤੇ ਅਪਭ੍ਰੰਸ਼ ਤੋਂ ਇਲਾਵਾ ਸਿੰਧੀ, ਸਾਧ ਭਾਸ਼ਾ ਅਤੇ ਰਾਜਸਥਾਨੀ ਦੇ ਵੀ ਸ਼ਬਦ ਮਿਲਦੇ ਹਨ।


ਲੇਖਕ : ਬਖਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸ਼ੇਖ਼ ਫ਼ਰੀਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸ਼ੇਖ਼ ਫ਼ਰੀਦ : ਸ਼ੇਖ਼ ਫ਼ਰੀਦ ਪੰਜਾਬੀ ਸੂਫ਼ੀ ਕਵਿਤਾ ਦੇ ਮੋਢੀ ਅਤੇ ਪੰਜਾਬੀ ਸਾਹਿਤ ਤੇ ਪਿਤਾਮਾ ਸਨ। ਆਪ ਦੇ ਪਿਤਾ ਜੀ ਦਾ ਨਾਂ ਸ਼ੇਖ਼ ਜਮਾਲ-ਉਦ-ਦੀਨ ਸੁਲੇਮਾਨ ਸੀ ਜੋ ਕਾਬੁਲ ਦੇ ਸ਼ਾਹੀ ਖਾਨਦਾਨ ਵਿੱਚੋਂ ਸਨ। ਬਾਰ੍ਹਵੀਂ ਸਦੀ ਵਿੱਚ ਮੰਗੋਲਾ ਦੇ ਕਹਿਰ ਤੋਂ ਬਚਣ ਲਈ ਆਪ ਨੇ ਕਾਬੁਲ ਦਾ ਤਿਆਗ ਕਰ ਦਿੱਤਾ ਤਾਂ ਕਿ ਕਿਸੇ ਸੁਰੱਖਿਅਤ ਥਾਂ ਤੇ ਟਿਕਾਣਾ ਬਣਾਇਆ ਜਾ ਸਕੇ। ਆਪ ਪੰਜਾਬ ਵਿੱਚ ਆਏ ਜਿੱਥੇ ਗਜ਼ਨਵੀ ਬਾਦਸ਼ਾਹਾਂ ਦੇ ਰਾਜ ਵਿੱਚ ਬਹੁਤ ਸਾਰੇ ਇਸਲਾਮੀ ਧਾਰਮਿਕ ਕੇਂਦਰ ਸਥਾਪਿਤ ਹੋ ਚੁੱਕੇ ਸਨ ਤੇ ਬਹੁਤ ਸਾਰੀ ਮੁਸਲਮਾਨ ਜਨਤਾ ਇੱਥੇ ਅਮਨ-ਅਮਾਨ ਨਾਲ ਰਹਿ ਰਹੀ ਸੀ। ਇਹ ਇਲਾਕੇ ਹੁਣ ਪੱਛਮੀ ਪਾਕਿਸਤਾਨ ਵਿੱਚ ਹਨ।

ਸ਼ੇਖ ਜਮਾਲ-ਉਦ-ਦੀਨ ਦੇ ਗ੍ਰਹਿ ਵਿਖੇ 1173 ਈ. ਦੇ ਰਮਜ਼ਾਨ ਦੇ ਮਹੀਨੇ ਵਿੱਚ ਸ਼ੇਖ ਫ਼ਰੀਦ ਦਾ ਜਨਮ ਹੋਇਆ ਜੋ ਬਾਅਦ ਵਿੱਚ ਸ਼ਕਰਗੰਜ ਦੇ ਨਾਂ ਨਾਲ ਜਗਤ ਪ੍ਰਸਿੱਧ ਹੋਏ। ਆਪ ਦਾ ਜਨਮ ਸਥਾਨ ਮੁਲਤਾਨ ਦਾ ਪਿੰਡ ਕੋਠੇਵਾਲ ਹੈ। ਆਪਦੀ ਮਾਤਾ ਜੀ ਬਹੁਤ ਪਵਿੱਤਰ ਔਰਤ ਸਨ ਜਿਨ੍ਹਾਂ ਨੇ ਆਪ ਦੀ ਪਾਲਣਾ ਕੀਤੀ। ਆਪ ਨੇ ਆਪਣੇ ਜ਼ਮਾਨੇ ਦੀ ਵਿੱਦਿਆ ਕਾਮਲ ਉਸਤਾਦਾਂ ਪਾਸੋਂ ਪ੍ਰਾਪਤ ਕੀਤੀ।

ਆਪ ਨੂੰ ਸ਼ਕਰਗੰਜ ਇਸ ਲਈ ਆਖਿਆ ਜਾਂਦਾ ਹੈ ਕਿ ਆਪ ਦੇ ਮਾਤਾ ਜੀ ਬਾਲ ਫ਼ਰੀਦ ਨੂੰ ਨਮਾਜ਼ ਕਰਨ ਜਾਂ ਬੰਦਗੀ ਕਰਨ ਲਈ ਲਾਲਚ ਦੇਣ ਲਈ ਰੋਜ਼ ਮੁਸੱਲੇ ਹੇਠਾਂ ਬਾਬਾ ਫ਼ਰੀਦ ਤੋਂ ਅੱਖ ਬਚਾ ਕੇ ਸ਼ੱਕਰ ਦੀ ਪੁੜੀ ਰੱਖ ਦਿੰਦੇ ਸਨ ਅਤੇ ਜਦੋਂ ਆਪ ਬੰਦਗੀ ਕਰਕੇ ਹਟਦੇ ਤਾਂ ਮੁਸੱਲੇ ਹੇਠੋਂ ਸ਼ੱਕਰ ਦੀ ਪੁੜੀ ਕੱਢਣ ਲਈ ਆਖਦੇ ਸਨ ਤੇ ਕਹਿੰਦੇ ਸਨ ਕਿ ਅੱਲਾਹ ਨੇ ਸ਼ੱਕਰ ਭੇਜੀ ਹੈ। ਇੱਕ ਦਿਨ ਮਾਤਾ ਜੀ ਸ਼ੱਕਰ ਰੱਖਣੀ ਭੁਲ ਗਏ ਤਾਂ ਬੰਦਗੀ ਮਗਰੋਂ ਫ਼ਰੀਦ ਨੇ ਰੋਜ਼ ਮੁਤਾਬਕ ਸ਼ੱਕਰ ਲੈਣ ਲਈ ਮੁਸੱਲਾ ਚੁੱਕਿਆ ਤਾਂ ਦੇਖ ਕੇ ਹੈਰਾਨ ਰਹਿ ਗਏ ਮੁਸੱਲੇ ਹੇਠਲੀ ਸਾਰੀ ਧਰਤੀ ਸ਼ੱਕਰ ਦੀ ਬਣੀ ਹੋਈ ਸੀ। ਇਸ ਕਾਰਨ ਆਪ ਦਾ ਨਾਂ ਸ਼ਕਰਗੰਜ ਪੈ ਗਿਆ। ਦੂਜੀ ਦੰਦ-ਕਥਾ ਹੈ ਕਿ ਇੱਕ ਦਿਨ ਆਪ ਨੇ ਤਿੰਨ ਦਿਨਾਂ ਮਗਰੋਂ ਵਰਤ ਖੋਲ੍ਹਣਾ ਸੀ, ਨੇੜੇ ਕੋਈ ਖਾਣ ਵਾਲੀ ਚੀਜ਼ ਨਹੀਂ ਸੀ। ਆਪ ਨੇ ਮੂੰਹ ਵਿੱਚ ਮਿੱਟੀ ਦੀ ਡਲੀ ਪਾਈ ਤਾਂ ਉਹ ਸ਼ੱਕਰ ਬਣ ਗਈ। ਇਸ ਕਾਰਨ ਵੀ ਆਪ ਦਾ ਨਾਂ ਸ਼ੱਕਰਗੰਜ ਪੈ ਗਿਆ। ਇੱਕ ਕਥਾ ਅਨੁਸਾਰ ਆਪ ਦੇ ਮੁਰਸ਼ਿਦ ਖ੍ਵਾਜਾ ਕੁਤਬਉਦੀਨ ਬਖਤਿਆਰ ਕਾਕੀ ਆਪਦੇ ਮਧੁਰ ਬਚਨ ਤੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਆਪ ਨੂੰ ਆਖਿਆ “ਆਪ ਸ਼ੱਕਰ ਵਰਗੇ ਮਿੱਠੇ ਹੋ”  ਜਿਸ ਤੋਂ ਆਪ ਦਾ ਨਾਂ ਸ਼ੱਕਰਗੰਜ ਪੈ ਗਿਆ।

ਭਾਰਤ ਵਿੱਚ ਸੂਫ਼ੀਆਂ ਦੇ ਚਿਸ਼ਤੀ ਸਿਲਸਿਲੇ ਨੂੰ ਸਥਾਪਿਤ ਕਰਨ ਵਾਲੇ ਮੋਢੀਆਂ ਵਿੱਚ ਬਾਬਾ ਫ਼ਰੀਦ ਦਾ ਜ਼ਿਕਰ ਆਉਂਦਾ ਹੈ। ਬਾਬਾ ਫ਼ਰੀਦ ਚਿਸ਼ਤੀ ਸਿਲਸਿਲੇ ਦੇ ਪ੍ਰਸਿੱਧ ਦਰਵੇਸ਼ ਖ੍ਵਾਜਾ ਕੁਤਬਉਦੀਨ ਬਖਤਿਆਰ ਕਾਕੀ, ਜੋ ਖ੍ਵਾਜਾ ਮੁਇਨੂਦੀਨ ਦੇ ਮੁਰੀਦ ਸਨ, ਦੇ ਮੁਰੀਦ ਬਣੇ। ਆਪ ਪਹਿਲੀ ਵਾਰ ਖ੍ਵਾਜਾ ਕਾਕੀ ਨੂੰ ਬਹੁਤ ਪਹਿਲਾਂ ਮੁਲਤਾਨ ਵਿਖੇ ਮਿਲੇ ਤੇ ਉਹਨਾਂ ਦੇ ਸ਼ਰਧਾਲੂ ਬਣ ਗਏ। ਖ੍ਵਾਜਾ ਮੁਲਤਾਨ ਤੋਂ ਦਿੱਲੀ ਜਾਣ ਦੀ ਤਿਆਰੀ ਵਿੱਚ ਸਨ ਤਾਂ ਉਹਨਾਂ ਨੇ ਬਾਬਾ ਫ਼ਰੀਦ ਨੂੰ ਆਖਿਆ ਕਿ ਮੁਲਤਾਨ ਵਿਖੇ ਆਪਣੀ ਵਿੱਦਿਆ ਮੁਕੰਮਲ ਕਰਨ ਉਪਰੰਤ ਮੇਰੇ ਪਾਸ ਦਿੱਲੀ ਆ ਜਾਣਾ। ਬਾਬਾ ਫ਼ਰੀਦ ਨੇ ਆਪਣੇ ਮੁਰਸ਼ਦ ਦੀ ਰਹਿਨੁਮਾਈ ਵਿੱਚ ਸੂਫ਼ੀ ਸਾਧਨਾ ਜਾਰੀ ਰੱਖੀ। ਚਿਸ਼ਤੀ ਸਿਲਸਿਲੇ ਦੇ ਦਸਤੂਰ ਮੁਤਾਬਕ ਆਪ ਨੇ ਨਿਰੰਤਰ ਕਠੋਰ ਤਪ-ਸਾਧਨਾ ਤੇ ਖ਼ੁਦਾ ਅੱਗੇ ਦੁਆ ਕਰਨੀ ਜਾਰੀ ਰੱਖੀ ਤਾਂ ਕਿ ਰੂਹਾਨੀ ਰੌਸ਼ਨੀ ਪ੍ਰਾਪਤ ਹੋ ਜਾਵੇ। ਬਾਬਾ ਫ਼ਰੀਦ ਨੇ ਹਾਂਸੀ, ਹਰਿਆਣਾ ਵਿਖੇ ਇਸ ਸੂਫ਼ੀ ਕੇਂਦਰ ਦੀ ਸਥਾਪਨਾ ਕੀਤੀ। ਬਾਅਦ ਵਿੱਚ ਆਪ ਅਯੋਧਨ, ਹੁਣ ਪਾਕਪਟਨ, ਚਲੇ ਗਏ ਜੋ ਅੱਜ-ਕੱਲ੍ਹ ਪੱਛਮੀ ਪੰਜਾਬ ਦੇ ਸ਼ਾਹੀਵਾਲ ਜ਼ਿਲ੍ਹੇ ਵਿੱਚ ਹੈ। ਇਹ ਸਥਾਨ ਉਸ ਸਮੇਂ ਉਜਾੜ ਸੀ ਜਿੱਥੇ ਕੋਈ ਬੰਦਾ ਨਜ਼ਰ ਨਹੀਂ ਸੀ ਆਉਂਦਾ। ਇਹ ਸਥਾਨ ਸਤਲੁਜ ਦਰਿਆ ਦੇ ਪੱਛਮੀ ਕਿਨਾਰੇ ਤੇ ਸੀ ਜਿੱਥੇ ਪੱਤਣ ਤੇ ਬੇੜੀਆਂ ਸਨ। ਇਹ ਪੱਤਣ ਹੀ ਬਾਬਾ ਫ਼ਰੀਦ ਜੀ ਦੀ ਪਵਿੱਤਰ ਸ਼ਖ਼ਸੀਅਤ ਦੇ ਨਿਵਾਸ ਕਾਰਨ ਪਾਕਪਟਨ ਬਣ ਗਿਆ। ਆਪ ਨੇ 24ਵੇਂ ਸਾਲ ਉਪਰੰਤ ਆਪਣੀ ਜ਼ਿੰਦਗੀ ਦਾ ਬਾਕੀ ਹਿੱਸਾ ਇੱਥੇ ਬਸਰ ਕੀਤਾ। ਪ੍ਰਸਿੱਧ ਸੂਫ਼ੀ ਦਰਵੇਸ਼ ਨਿਜ਼ਮਾਉਦਦੀਨ ਔਲੀਆ ਤਿੰਨ ਵਾਰ ਅਯੋਧਨ ਵਿਖੇ ਬਾਬਾ ਜੀ ਨੂੰ ਮਿਲਣ ਆਏ। ਆਪ ਨੇ ਦੇਖਿਆ ਬਾਬਾ ਜੀ ਦੇ ਘਰ ਵਿੱਚ ਪੈਰੋਕਾਰਾਂ ਤੇ ਪਰਵਾਰ ਦੇ ਜੀਅ ਦੇ ਖਾਣ ਲਈ ਕੁਝ ਨਹੀਂ ਹੈ। ਉਹਨਾਂ ਦੇ ਪੈਰੋਕਾਰ ਤੇ ਪਰਵਾਰ ਦੇ ਜੀਅ ਡੇਲੇ ਖਾ ਕੇ ਪ੍ਰਸੰਨ ਤੇ ਬਖ਼ਸ਼ੇ ਹੋਏ ਮਹਿਸੂਸ ਕਰਦੇ ਸਨ। ਬਾਬਾ ਫ਼ਰੀਦ ਪਾਸ ਨੇੜਿਓ ਬਹੁਤ ਸਾਰੇ ਦਰਵੇਸ਼, ਸੂਫ਼ੀ ਫ਼ਕੀਰ ਤੇ ਵਿਦਵਾਨ ਆਦਿ ਅਤੇ ਬਹੁਤ ਸਾਰੀ ਜਨਤਾ ਅਸ਼ੀਰਵਾਦ ਲੈਣ ਲਈ ਅਕਸਰ ਹਾਜ਼ਰ ਹੁੰਦੀ ਸੀ।

ਬਾਬਾ ਫ਼ਰੀਦ ਦੇ 20 ਖ਼ਲੀਫ਼ੇ ਸਨ ਜੋ ਦੇਸ ਵਿਦੇਸ਼ ਵਿੱਚ ਉਹਨਾਂ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਦੇ ਸਨ ਜਿਨ੍ਹਾਂ ਵਿੱਚ ਤਿੰਨ ਪ੍ਰਮੁਖ ਸਨ-ਸ਼ੇਖ ਨਿਜ਼ਾਮਉਦਦੀਨ, ਦਿੱਲੀ; ਸ਼ੇਖ ਜਮਾਲਉਦਦੀਨ, ਹਾਂਸੀ; ਅਤੇ ਅਲਾਉਦੀਨ ਅਲੀ ਅਹਿਮਦ ਸਾਬਿਲ; ਰਾਜਸਥਾਨ। ਪੰਜਾਬ ਦੇ ਪ੍ਰਸਿੱਧ ਸ਼ਹਿਰ ਫ਼ਰੀਦਕੋਟ ਦਾ ਸੰਬੰਧ ਬਾਬਾ ਫ਼ਰੀਦ ਨਾਲ ਹੈ। ਬਾਬਾ ਜੀ ਨੇ ਸਾਰੀ ਉਮਰ ਪ੍ਰੇਮ-ਪਿਆਰ, ਆਪਸੀ ਭਾਈਚਾਰੇ ਅਤੇ ਇਸਲਾਮ ਦਾ ਪ੍ਰਚਾਰ ਕੀਤਾ। ਆਪ ਮਿੱਠ-ਬੋਲੜੇ, ਪਰਉਪਕਾਰੀ ਤੇ ਸਿੱਧੇ-ਸਾਦੇ ਮਹਾਂਪੁਰਖ ਸਨ। ਆਪ ਅਧਿਆਤਮਿਕ ਵਿੱਦਿਆ ਪ੍ਰਾਪਤੀ ਨੂੰ ਬਹੁਤ ਮਹੱਤਵ ਦਿੰਦੇ ਸਨ। ਆਪ ਨੇ ਬਗ਼ਦਾਦ, ਮੱਕੇ ਆਦਿ ਦੀ ਯਾਤਰਾ ਵੀ ਕੀਤੀ। ਆਪ ਨੇ 1265 ਈ. ਵਿੱਚ ਆਪਣੇ ਦੇਹਾਂਤ ਤੋਂ ਪਹਿਲਾਂ ਚਿਸ਼ਤੀ ਸਿਲਸਿਲੇ ਦੀ ਜ਼ੁੰਮੇਵਾਰੀ ਆਪਣੇ ਪ੍ਰਸਿੱਧ ਮੁਰੀਦ ਸ਼ੇਖ ਨਿਜ਼ਾਮ-ਉਦ-ਦੀਨ ਔਲੀਆ ਨੂੰ ਖ਼ੁਦ ਸੌਂਪੀ। ਇਹਨਾਂ ਦੀ ਦੇਹ ਨੂੰ ਪਾਕਪਟਨ ਵਿਖੇ ਦਫ਼ਨਾਇਆ ਗਿਆ। ਆਪ ਅਰਬੀ, ਫ਼ਾਰਸੀ, ਲਹਿੰਦੀ, ਮੁਲਤਾਨੀ ਆਦਿ ਭਾਸ਼ਾਵਾਂ ਦੇ ਗਿਆਤਾ ਸਨ।

ਆਪ ਦੀ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ। ਆਪ ਦੇ 112 ਸਲੋਕ ਤੇ ਚਾਰ ਸ਼ਬਦ ਦੋ ਰਾਗ ਆਸਾ ਵਿੱਚ ਅਤੇ ਦੋ ਰਾਗ ਸੂਹੀ ਵਿੱਚ ਹਨ। ਇਹਨਾਂ ਤੋਂ ਇਲਾਵਾ ਆਪ ਦੀ ਬਹੁਤ ਸਾਰੀ ਬਾਣੀ ਹੱਥ ਲਿਖਤਾਂ ਵਿੱਚ ਮੌਜੂਦ ਹੈ ਤੇ ਲੋਕ ਮਾਨਸ ਵਿੱਚ ਵੀ ਸੰਭਾਲੀ ਹੋਈ ਹੈ। ਆਪ ਦੀ ਬਾਣੀ ਦੇ ਪ੍ਰਮੁਖ ਵਿਸ਼ੇ ਪ੍ਰਭੂ ਲਈ ਪ੍ਰੇਮ, ਉਸ ਦੇ ਵਿਯੋਗ ਦੀ ਤੜਪ, ਸ਼ੁੱਭ ਅਮਲਾਂ ਦੀ ਲੋੜ, ਬਿਰਧ ਅਵਸਥਾ ਤੇ ਦੁਨਿਆਵੀ ਨਾਸ਼ਮਾਨਤਾ ਦਾ ਚਿਤਰਨ, ਰਸਾਂ ਕਸਾਂ ਦਾ ਤਿਆਗ ਕਰਕੇ ਸ਼ੁੱਭ ਅਮਲ ਕਰਨ ਤੇ ਨਫ਼ਸ ਨੂੰ ਮਾਰਨ ਦੀ ਪ੍ਰੇਰਨਾ ਆਦਿ। ਬਾਬਾ ਜੀ ਨੇ ਪਰਨਿੰਦਾ ਅਤੇ ਕ੍ਰੋਧ ਦਾ ਤਿਆਗ ਕਰਨ, ਅਲਪ ਆਹਾਰ ਕਰਨ, ਮੁਰਸ਼ਦ ਦੀ ਸ਼ਰਨ ਵਿੱਚ ਰਹਿਣ, ਭੇਖ-ਅਡੰਬਰ, ਕਰਮ-ਕਾਂਡ ਆਦਿ ਨੂੰ ਤਿਆਗਣ, ਕਿਸੇ ਦਾ ਦਿਲ ਨਾ ਦੁਖਾਉਣ ਜਾਂ ਤੋੜਨ, ਸਭ ਖ਼ਲਕਤ ਦੀ ਸੇਵਾ ਕਰਨ, ਸਭ ਦੀਆਂ ਗ਼ਲਤੀਆਂ-ਗੁਨਾਹ ਮੁਆਫ਼ ਕਰਨ, ਮਿੱਠਾ ਬੋਲਣ ਨੀਵ ਕੇ ਚੱਲਣ, ਅੱਲਾਹ ਬਿਨਾਂ ਕਿਸੇ ਹੋਰ ਤੇ ਕੋਈ ਆਸ ਨਾ ਰੱਖਣ, ਸਭ ਨਾਲ ਬਰਾਬਰੀ ਦੇ ਪੱਧਰ ਤੇ ਸੰਬੰਧ ਰੱਖਣ ਆਦਿ ਬਾਰੇ ਉਪਦੇਸ਼ ਦਿੱਤਾ ਹੈ।

ਆਪ ਦੀ ਭਾਸ਼ਾ ਠੇਠ ਪੰਜਾਬੀ ਹੈ ਜਿਸ ਕਾਰਨ ਕਈ ਵਿਦਵਾਨ ਇਹਨਾਂ ਦੀ ਰਚਨਾ ਨੂੰ ਸ਼ੇਖ ਇਬਰਾਹੀਮ ਸਾਨੀ ਦੀ ਰਚਨਾ ਮੰਨਦੇ ਹਨ ਪਰ ਅਜੋਕੀ ਖੋਜ ਤੇ ਖੋਜੀਆਂ ਨੇ ਇਹ ਨਿਰਨਾ ਕਰ ਦਿੱਤਾ ਹੈ ਕਿ ਇਹ ਬਾਣੀ ਬਾਬਾ ਫ਼ਰੀਦ ਸ਼ਕਰਗੰਜ ਦੀ ਰਚਨਾ ਹੈ। ਇਹਨਾਂ ਦੀ ਬਾਣੀ ਸਭ ਪਾਠ ਕਰਨ ਵਾਲਿਆਂ ਅਤੇ ਗਾਉਣ ਤੇ ਸੁਣਨ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ।


ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 7582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-20-04-20-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.